ਯੋਗਰਾਜ ਸਿੰਘ ਹੋਏ 62 ਸਾਲਾਂ ਦੇ, ਇਸ ਵਜ੍ਹਾ ਕਰਕੇ ਛੱਡਣਾ ਪਿਆ ਸੀ ਕ੍ਰਿਕੇਟ ਦਾ ਮੈਦਾਨ, ਪਰ ਅਦਾਕਾਰੀ ਦੇ ਖੇਤਰ ‘ਚ ਗੱਡੇ ਝੱਡੇ

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਅੱਜ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟ ਖਿਡਾਰੀ ਕੀਤੀ ਸੀ । ਉਨ੍ਹਾਂ ਨੇ ਇੱਕ ਟੈਸਟ ਮੈਚ ਅਤੇ ਛੇ ਵਨ ਡੇਅ ਮੈਚ ਖੇਡ ਨੇ । ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕ੍ਰਿਕੇਟ ਕਰੀਅਰ ਸ਼ੁਰੂ ਕੀਤਾ ਸੀ । ਪਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਕ੍ਰਿਕੇਟ ਦਾ ਮੈਦਾਨ ਛੱਡਣਾ ਪਿਆ ਤੇ ਉਨ੍ਹਾਂ ਦਾ ਕ੍ਰਿਕੇਟ ਕਰੀਅਰ ਖਤਮ ਹੋ ਗਿਆ । ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਅਦਾਕਾਰੀ ਵੱਲ ਰੁੱਖ ਕੀਤਾ । ਉਨ੍ਹਾਂ ਦਾ ਸਾਥ ਦਿੱਤਾ ਪੰਜਾਬੀ ਫ਼ਿਲਮਾਂ ਨੇ । ਯੋਗਰਾਜ ਸਿੰਘ ਦੇ ਦਮਦਾਰ ਡਾਇਲਾਗ ਤੇ ਬਾਕਮਾਲ ਦੀ ਅਦਾਕਾਰੀ ਨੇ ਉਨ੍ਹਾਂ ਨੂੰ ਪੰਜਾਬ ਇੰਡਸਟਰੀ ਦੇ ਚਮਕਦਾ ਸਿਤਾਰਾ ਬਣਾ ਦਿੱਤਾ ।

80 ਦੇ ਦਹਾਕੇ ‘ਚ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕਮਾਲ ਦੇ ਰੋਲ ਕੀਤੇ । ਉਨ੍ਹਾਂ ਨੇ ਅਣਗਿਣਤੀ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ‘ਜੱਟ ਤੇ ਜ਼ਮੀਨ’, ‘ਕੁਰਬਾਨੀ ਜੱਟੀ ਦੀ’, ‘ਬਦਲਾ ਜੱਟੀ ਦਾ’, ‘ਇਨਸਾਫ’, ‘ਲਲਕਾਰਾ ਜੱਟੀ ਦਾ’, ’25 ਕਿਲੇ’, ‘ਜੱਟ ਪੰਜਾਬ ਦਾ’, ‘ਜ਼ਖਮੀ ਜਾਗੀਰਦਾਰ’, ‘ਨੈਣ ਪ੍ਰੀਤੋ ਦੇ’, ‘ਵਿਛੋੜਾ’, ‘ਵੈਰੀ’, ‘ਜੱਟ ਸੁੱਚਾ ਸਿੰਘ ਸੂਰਮਾ’, ‘ਅਣਖ ਜੱਟਾਂ ਦੀ’ ਤੇ ‘ਬਦਲਾ ਜੱਟੀ ਦਾ’, ‘ਲਲਕਾਰਾ ਜੱਟੀ ਦਾ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ । ਉਨ੍ਹਾਂ ਕਈ ਫ਼ਿਲਮਾਂ ‘ਚ ਖਲਨਾਇਕ ਦੇ ਰੋਲ ਵੀ ਨਿਭਾਏ ਨੇ ।

ਪਰ ਇੱਕ ਸਮਾਂ ਆਇਆ ਜਦੋਂ ਪੰਜਾਬੀ ਫ਼ਿਲਮ ਦਾ ਦੌਰ ਥੰਮ  ਗਿਆ ਸੀ । ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ‘ਚ ਵੀ ਕੰਮ ਕੀਤਾ । ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਸਿੰਘ ਵੀ ਮੁੜ ਪਰਦੇ ‘ਤੇ ਛਾ ਗਏ । ਉਹ ਪੰਜਾਬੀ ਫਿਲਮਾਂ ‘ਗੋਰਿਆਂ ਨੂੰ ਦਫਾ ਕਰੋ’, ‘ਸੱਜਣ ਸਿੰਘ ਰੰਗਰੂਟ’, ਲੁੱਕਣ ਮੀਚੀ,ਯਾਰਾ ਵੇ, ਦੂਰਬੀਨ,ਤੇਰੀ ਮੇਰੀ ਜੋੜੀ ਤੇ ਅਰਦਾਸ ਕਰਾਂ ਵਰਗੀ ਕਈ ਫ਼ਿਲਮਾਂ ‘ਚ ਇਕ ਵਾਰ ਫਿਰ ਦਮਦਾਰ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ । ਖਬਰਾਂ ਦੀ ਮੰਨੀਏ ਤਾਂ ਉਹ ਕਮਲ ਹਸਨ ਦੀ ਫ਼ਿਲਮ ‘ਇੰਡੀਅਨ 2’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।